1 Corinthians 13

1ਭਾਵੇਂ ਮੈਂ ਮਨੁੱਖਾਂ ਅਤੇ ਸਵਰਗੀ ਦੂਤਾਂ ਦੀਆਂ ਭਾਸ਼ਾਵਾਂ ਬੋਲਾਂ ਪਰ ਜੇ ਮੇਰੇ ਵਿੱਚ ਪਿਆਰ ਨਾ ਹੋਵੇ ਤਾਂ ਠਣ ਠਣ ਕਰਨ ਵਾਲਾ ਪਿੱਤਲ ਅਥਵਾ ਛਣ ਛਣ ਕਰਨ ਵਾਲਾ ਛੈਣਾ ਬਣਿਆ ਹਾਂ । 2ਅਤੇ ਭਾਵੇਂ ਮੈਨੂੰ ਭਵਿੱਖਬਾਣੀ ਕਰਨੀ ਆਵੇ ਅਤੇ ਮੈਂ ਸਾਰਾ ਭੇਤ ਅਤੇ ਸਾਰਾ ਗਿਆਨ ਜਾਣਾ ਅਤੇ ਭਾਵੇਂ ਮੈਂ ਪੂਰੀ ਵਿਸ਼ਵਾਸ ਰੱਖਾਂ, ਅਜਿਹੀ ਜੋ ਪਹਾੜਾਂ ਨੂੰ ਹਟਾ ਦੇਵਾਂ ਪਰ ਪਿਆਰ ਨਾ ਰੱਖਾਂ, ਮੈਂ ਕੁੱਝ ਵੀ ਨਹੀਂ । 3ਅਤੇ ਭਾਵੇਂ ਮੈਂ ਆਪਣਾ ਸਾਰਾ ਮਾਲ ਖੁਆਉਣ ਲਈ ਪੁੰਨ ਕਰ ਦਿਆਂ ਅਤੇ ਭਾਵੇਂ ਮੈਂ ਆਪਣਾ ਸਰੀਰ ਸੜਨ ਲਈ ਦੇ ਦਿਆਂ ਪਰ ਪਿਆਰ ਨਾ ਰੱਖਾਂ, ਤਾਂ ਕੁੱਝ ਵੀ ਲਾਭ ਨਹੀਂ ।

4ਪਿਆਰ ਧੀਰਜਵਾਨ ਅਤੇ ਕਿਰਪਾਲੂ ਹੈ । ਪਿਆਰ ਖੁਣਸ ਨਹੀਂ ਕਰਦਾ । ਪਿਆਰ ਫੁੱਲਦਾ ਨਹੀਂ, ਪਿਆਰ ਫੂੰ-ਫੂੰ ਨਹੀਂ ਕਰਦਾ । 5ਕੁਚੱਜਿਆਂ ਨਹੀਂ ਕਰਦਾ, ਆਪ ਸੁਆਰਥੀ ਨਹੀਂ, ਚਿੜਦਾ ਨਹੀਂ, ਬੁਰਾ ਨਹੀਂ ਮੰਨਦਾ । 6ਉਹ ਕੁਧਰਮ ਤੋਂ ਅਨੰਦ ਨਹੀਂ ਹੁੰਦਾ ਸਗੋਂ ਸਚਿਆਈ ਨਾਲ ਅਨੰਦ ਹੁੰਦਾ ਹੈ । 7ਸਭ ਕੁੱਝ ਝੱਲ ਲੈਂਦਾ, ਸਭਨਾਂ ਗੱਲਾਂ ਦੀ ਪਰਤੀਤ ਕਰਦਾ, ਸਭਨਾਂ ਗੱਲਾਂ ਦੀ ਆਸ ਰੱਖਦਾ, ਸਭ ਕੁੱਝ ਸਹਿ ਲੈਂਦਾ ।

8ਪਿਆਰ ਕਦੇ ਟਲਦਾ ਨਹੀਂ, ਪਰ ਭਾਵੇਂ ਅਗੰਮ ਵਾਕ ਹੋਣ ਉਹ ਮੁੱਕ ਜਾਣਗੇ, ਭਾਵੇਂ ਭਾਸ਼ਾ ਹੋਣ ਉਹ ਜਾਂਦੀਆਂ ਰਹਿਣਗੀਆਂ, ਭਾਵੇਂ ਗਿਆਨ ਹੋਵੇ ਉਹ ਮੁੱਕ ਜਾਵੇਗਾ । 9ਅਸੀਂ ਤਾਂ ਕੁੱਝ ਕੁੱਝ ਜਾਣਦੇ ਹਾਂ ਅਤੇ ਕੁੱਝ ਕੁੱਝ ਭਵਿੱਖਬਾਣੀ ਬੋਲਦੇ ਹਾਂ । 10ਪਰ ਜਦ ਸੰਪੂਰਨ ਆਵੇ ਤਦ ਅਧੂਰਾ ਮੁੱਕ ਜਾਵੇਗਾ ।

11ਜਦ ਮੈਂ ਨਿਆਣਾ ਸੀ ਤਦ ਨਿਆਣੇ ਦੀ ਤਰ੍ਹਾਂ ਬੋਲਦਾ, ਨਿਆਣੇ ਦੀ ਤਰ੍ਹਾਂ ਸਮਝਦਾ ਅਤੇ ਨਿਆਣੇ ਦੀ ਤਰ੍ਹਾਂ ਜਾਂਚਦਾ ਸੀ । ਹੁਣ ਮੈਂ ਸਿਆਣਾ ਹੋ ਗਿਆ ਹਾਂ ਤਾਂ ਮੈਂ ਨਿਆਣਪੁਣੇ ਦੀਆਂ ਗੱਲਾਂ ਛੱਡ ਦਿੱਤੀਆਂ ਹਨ । 12ਇਸ ਵੇਲੇ ਤਾਂ ਅਸੀਂ ਸ਼ੀਸ਼ੇ ਵਿੱਚ ਧੁੰਦਲਾ ਜਿਹਾ ਵੇਖਦੇ ਹਾਂ ਪਰ ਉਸ ਸਮੇਂ ਆਹਮੋਂ-ਸਾਹਮਣੇ ਵੇਖਾਂਗੇ । ਇਸ ਵੇਲੇ ਮੈਂ ਕੁੱਝ ਕੁੱਝ ਜਾਣਦਾ ਹਾਂ ਪਰ ਓਸ ਵੇਲੇ ਉਹੋ ਜਿਹਾ ਜਾਣਾਂਗਾ ਜਿਹੋ ਜਿਹਾ ਮੈਂ ਵੀ ਜਾਣਿਆ ਗਿਆ ਹਾਂ । ਹੁਣ ਵਿਸ਼ਵਾਸ, ਆਸ, ਪਿਆਰ , ਇਹ ਤਿੰਨੇ ਬਣੇ ਰਹਿੰਦੇ ਹਨ ਪਰ ਇਹਨਾਂ ਵਿੱਚੋਂ ਉੱਤਮ ਪਿਆਰ ਹੀ ਹੈ ।

13

Copyright information for PanULB